ਸੁਲਤਾਨ ਬਾਹੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਲਤਾਨ ਬਾਹੂ (1630–1691) : ਫ਼ਾਰਸੀ ਦੇ ਪ੍ਰਸਿੱਧ ਵਿਦਵਾਨ ਸੁਲਤਾਨ ਬਾਹੂ ਦਾ ਜਨਮ 1630 ਵਿੱਚ ਝੰਗ ਜ਼ਿਲ੍ਹੇ ਦੇ ਪਿੰਡ ਅਵਾਨ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸੁਲਤਾਨ ਬਾਜੀਦ ਸੀ। ਬਾਦਸ਼ਾਹ ਸ਼ਾਹ ਜਹਾਨ ਉਸ ਦਾ ਕਦਰਦਾਨ ਸੀ। ਉਸ ਨੇ ਇੱਕ ਪਿੰਡ ਉਸ ਨੂੰ ਜਗੀਰ ਦੇ ਤੌਰ `ਤੇ ਦਿੱਤਾ ਸੀ। ਬਚਪਨ ਵਿੱਚ ਹੀ ਸੁਲਤਾਨ ਬਾਹੂ ਉੱਤੇ ਉਸ ਦੇ ਮਾਤਾ ਪਿਤਾ ਦਾ ਡੂੰਘਾ ਪ੍ਰਭਾਵ ਪਿਆ। ਸੁਲਤਾਨ ਬਾਹੂ ਨੇ ਮੁਢਲੀ ਸਿੱਖਿਆ ਆਪਣੀ ਮਾਤਾ ਤੋਂ ਹੀ ਪ੍ਰਾਪਤ ਕੀਤੀ। ਉਸ ਦੀ ਮਾਂ ਬੜੀ ਨੇਕ ਤੇ ਰੱਬ ਦੇ ਨਾਂ ਵਾਲੀ ਸੀ। ਸੁਲਤਾਨ ਬਾਹੂ ਨੇ ਮਾਂ ਨੂੰ ਮੁਰਸ਼ਦ ਧਾਰਨ ਦੀ ਖ਼ਾਹਸ਼ ਜ਼ਾਹਰ ਕੀਤੀ ਤਾਂ ਮਾਂ ਨੇ ਆਖਿਆ, ‘ਬੇਟਾ! ਸ਼ਰ੍ਹਾ ਆਗਿਆ ਨਹੀਂ ਦਿੰਦੀ ਇਸ ਗੱਲ ਦੀ। ਇਸਲਾਮ ਵਿੱਚ ਔਰਤ ਮੁਰਸ਼ਦ ਨਹੀਂ ਬਣ ਸਕਦੀ। ਤੂੰ ਕਿਸੇ ਮਰਦ ਨੂੰ ਮੁਰਸ਼ਦ ਧਾਰ।` ਕਿਹਾ ਜਾਂਦਾ ਹੈ ਕਿ ਨਿਆਣੀ ਉਮਰੇ ਹੀ ਸੁਲਤਾਨ ਬਾਹੂ ਦੇ ਚਿਹਰੇ ਉੱਤੇ ਇਲਾਹੀ ਨੂਰ ਸੀ। ਕਈ ਹਵਾਲਿਆਂ ਅਨੁਸਾਰ ਉਸ ਨੂੰ ਅਮੀਰ-ਫ਼ਕੀਰ ਦਿਖਾਇਆ ਗਿਆ ਹੈ। ਘਰ ਵਿੱਚ ਅਮੀਰੀ ਪਰ ਸੁਭਾਅ ਵਿੱਚ ਫ਼ਕੀਰੀ। ਭਰਵੀਂ ਗ੍ਰਹਿਸਥੀ ਤੇ ਸੰਤਾਨ ਦੇ ਬਾਵਜੂਦ ਉਸ ਨੇ ਹਬੀਬ ਉਲਾ ਕਾਦਰੀ ਨੂੰ ਪੀਰ ਧਾਰ ਲਿਆ। ਕਿਹਾ ਜਾਂਦਾ ਹੈ ਕਿ ਔਰੰਗ਼ਜ਼ੇਬ ਸੁਲਤਾਨ ਬਾਹੂ ਦਾ ਬੜਾ ਸਤਿਕਾਰ ਕਰਦਾ ਸੀ।

     ਸੁਲਤਾਨ ਬਾਹੂ ਫ਼ਾਰਸੀ ਦਾ ਵਿਦਵਾਨ ਸੀ। ਇਸ ਕਰ ਕੇ ਉਸ ਨੇ ਵਧੇਰੇ ਸਾਹਿਤ ਰਚਨਾ ਫ਼ਾਰਸੀ ਵਿੱਚ ਕੀਤੀ। ਪੰਜਾਬੀ ਵਿੱਚ ਉਸ ਦੀ ਰਚਨਾ ਸੀਹਰਫੀ ਦੇ ਰੂਪ ਵਿੱਚ ਮਿਲਦੀ ਹੈ। ਇਸ ਵਿੱਚ ਬਹੁਤ ਸਾਰੇ ਝਾਂਗੀ ਦੇ ਸ਼ਬਦ ਮਿਲਦੇ ਹਨ। ਕਈ ਅਰਬੀ, ਫ਼ਾਰਸੀ ਦੇ ਸ਼ਬਦ ਅਤੇ ਮੁਹਾਵਰੇ ਵੀ ਪਰੋਏ ਹੋਏ ਹਨ। ਉਸ ਨੇ ਆਪਣੀ ਕਵਿਤਾ ਵਿੱਚ ਸੂਫ਼ੀ ਵਿਚਾਰਧਾਰਾ ਨੂੰ ਅਪਣਾਇਆ ਹੈ। ਉਹ ਕਾਦਰੀ ਸੂਫ਼ੀ ਸੀ। ਇਸ ਕਰ ਕੇ ਉਸ ਨੇ ਸ਼ਰ੍ਹਾ ਜਾਂ ਮਰਯਾਦਾ ਦੀ ਉਲੰਘਣਾ ਨਹੀਂ ਕੀਤੀ। ਬੁੱਲ੍ਹੇਸ਼ਾਹ ਤੇ ਸ਼ਾਹ ਹੁਸੈਨ ਵੀ ਇਸ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ। ਇਹ ਦੋਵੇਂ ਸੂਫ਼ੀ ਫ਼ਕੀਰ ਸ਼ਰੀਅਤ ਦੀਆਂ ਹੱਦਾਂ ਟੱਪ ਜਾਂਦੇ ਹਨ। ਬੁੱਲ੍ਹਾ ਤਾਂ ‘ਤੈਨੂੰ ਕਾਫ਼ਰ-ਕਾਫ਼ਰ ਆਖਦੇ ਤੂੰਹ ਆਹੋ-ਆਹੋ ਆਖ` ਦੀ ਹੱਦ ਤੱਕ ਅਪੜ ਜਾਂਦਾ ਹੈ। ਪਰ ਸੁਲਤਾਨ ਬਾਹੂ ਮਰਯਾਦਾ ਦੀਆਂ ਹੱਦਾਂ ਨਹੀਂ ਟੱਪਦਾ। ਉਸ ਨੇ ਜੋ ਕੁਝ ਦੇਖਿਆ, ਹੰਢਾਇਆ, ਮਹਿਸੂਸ ਕੀਤਾ ਉਸ ਨੂੰ ਪੂਰੀ ਸੁਹਿਰਦਤਾ ਨਾਲ ਆਖ ਦਿੱਤਾ। ਸੁਲਤਾਨ ਬਾਹੂ ਦੀ ਰਚਨਾ ਦੀ ਮੁੱਖ ਸੁਰ ਇਸ਼ਕ ਇਲਾਹੀ ਹੈ। ਇਸ ਵਿੱਚ ਕਿਸੇ ਅਦਿਸਦੇ ਪ੍ਰੇਮ ਦੀ ਗੂੰਜ ਸੁਣਾਈ ਦਿੰਦੀ ਹੈ, ਜਿਸ ਨੂੰ ਤਸੱਵੁਫ਼ ਦੀ ਬੁਨਿਆਦ ਮੰਨਿਆ ਜਾਂਦਾ ਹੈ। ਉਸ ਦੀ ਰਚਨਾ ਦਾ ਕੇਂਦਰੀ-ਬਿੰਦੂ ਹੀ ਅੱਲਾ ਵਿੱਚ ਵਿਸ਼ਵਾਸ ਹੈ। ਅੱਲਾ ਦੀ ਖੋਜ ਕਰਨੀ, ਉਸ ਬਾਰੇ ਜਾਣਨਾ ਤੇ ਉਸ ਨੂੰ ਮੁਹੱਬਤ ਕਰਨੀ।

ਕਾਫ਼-ਕਰ ਮੁਹੱਬਤ ਕੁਝ ਹਾਸਲ ਹੋਵੇ

            ਉਮਰ ਏ ਚਾਰ ਦਿਹਾੜੇ ਹੂ

     ਅੱਲਾ ਨੂੰ ਮਿਲਣ ਦਾ ਢੰਗ ਹੈ-ਉਸ ਦੀ ਇਬਾਦਤ ਕਰਨੀ, ਉਸ ਦਾ ਧਿਆਨ ਧਰਨਾ ਤੇ ਜਾਪ ਕਰਨਾ। ਅੱਲਾ ਦੀ ਜਾਤ ਵਿੱਚ ਮਨੁੱਖ ਦੀ ਆਪਣੀ ਜਾਤ ਨੂੰ ਰਲਾ ਦੇਣਾ। ਇਹੀ ਇੱਕ-ਮਿੱਕਤਾ ਹੈ, ਇਹੀ ਵਸਾਲ ਹੈ ਜੋ ਸੂਫ਼ੀ ਤੇ ਰੂਹਾਨੀ ਵਿਕਾਸ ਦੀ ਚਰਮ ਸੀਮਾ ਹੈ :

ਯੇ ਯਾਰ ਲਗਾਨਾ ਮਿਲਸੀ ਤੈਂ

ਜੇ ਸਿਰ ਬਾਜ਼ੀ ਲਾਏਂ ਹੂ।

ਇਸ਼ਕ ਅੱਲਾਹ ਦੇ ਵਿੱਚ ਹੋ ਮਸਤਾਨਾ

ਹੂ-ਹੂ ਸਦਾ ਅਲਾਏਂ ਹੂ।

ਨਾਲ ਤਸੱਵਰ ਇਸਮ ਅੱਲਾਹ ਦੇ

ਦਮ ਨੂੰ ਕੈਦ ਲਯਾਏਂ ਹੂ।

ਜ਼ਾਤੀ ਨਾਲ ਜੇ ਜ਼ਾਤੀ ਰਲਿਆ

            ਤਦ ਬਾਹੂ ਨਾਮ ਸਦਾਏਂ ਹੂ।

     ਸੁਲਤਾਨ ਬਾਹੂ ਅਨੁਸਾਰ ਕਲਮੇ ਵਿੱਚ ਵਿਸ਼ਵਾਸ ਅਤੇ ਕਲਮੇ ਨੂੰ ਸਹੀ ਤੌਰ `ਤੇ ਮੁਰਸ਼ਦ ਤੋਂ ਪੜ੍ਹਨਾ ਬਹੁਤ ਜ਼ਰੂਰੀ ਹੈ। ਤਦ ਹੀ ਚੌਦਾਂ ਤਬਕਾਂ ਦਾ ਗਿਆਨ ਹੁੰਦਾ ਹੈ ਤੇ ਅੱਲਾ ਦੇ ਨੂਰ ਦੀ ਪ੍ਰਾਪਤੀ ਹੁੰਦੀ ਹੈ। ਇਨਸਾਨ ਦੇ ਮਨ ਵਿੱਚ ਅਗਿਆਨ ਦਾ ਅੰਧੇਰਾ ਅੱਲਾ ਦੇ ਨੂਰ ਦੁਆਰਾ ਹੀ ਦੂਰ ਹੁੰਦਾ ਹੈ। ਇਸ ਨੂਰ ਦੀ ਪ੍ਰਾਪਤੀ ਲਈ ਅੰਦਰ ਝਾਤ ਪਾਉਣ ਦੀ ਲੋੜ ਹੈ। ਬਾਹੂ ਅਨੁਸਾਰ ਅੱਲਾ ਦੀ ਮੁਹੱਬਤ ਵਿੱਚ ਕੋਈ ਵੀ ਕੁਰਬਾਨੀ ਵੱਡੀ ਨਹੀਂ। ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਨਹੀਂ ਉਹ ਸੱਖਣੇ ਭਾਂਡੇ ਵਰਗੇ ਹਨ। ਉਹਨਾਂ ਦਾ ਇਸ ਸੰਸਾਰ `ਤੇ ਆਉਣਾ ਹੀ ਨਿਸਫਲ ਹੈ :

ਜਿੱਥੇ ਹੂ ਕਰੇ ਰੌਸ਼ਨਾਈ ਉਥੋਂ ਛੋੜ ਅਨ੍ਹੇਰਾ ਵੈਂਦਾ ਹੂ।

 

ਅਲਫ਼ ਹੂ ਤੇ ਬਾਹਰ ਹੂ ਵਤ ਬਾਹਰ ਕਿੱਥੇ ਲਭੇਂਦਾ ਹੂ।

 

            ਜੋ ਦਿਲ ਇਸ਼ਕ ਨਾ ਹੋਵੇ ਬਾਹੂ ਗਏ ਜਹਾਨੋਂ ਖਾਲੀ ਹੂ।

ਬਾਹੂ ਨੇ ਮੁੱਲਾਂ, ਮੁਲਾਣਿਆਂ, ਕਾਜ਼ੀਆਂ ਤੇ ਪੰਡਤਾਂ ਉੱਤੇ ਤਿੱਖਾ ਵਿਅੰਗ ਕੱਸਿਆ। ਉਸ ਅਨੁਸਾਰ ਇਹਨਾਂ ਲੋਕਾਂ ਦੀ ਕੱਟੜਤਾ ਹੀ ਸਾਰੇ ਝਗੜਿਆਂ, ਵਖਰੇਵਿਆਂ ਤੇ ਫਸਾਦਾਂ ਦੀ ਜੜ੍ਹ ਹੈ:

ਮੀਮ-ਮਜ਼ਬਾਂ ਦੇ ਦਰਵਾਜੇ ਉਤੇ

ਰਾਹ ਰਬਾਨਾ ਮੋਰੀ ਹੂ।

ਪੰਡਤਾਂ ਮਲਾਣਿਆਂ ਕੋਲੋਂ

ਛੁਪ ਛੁਪ ਲੰਘੇ ਚੋਰੀ ਹੂ।

ਅਡੀਆਂ ਮਾਰਨ ਕਰਨ ਬਖੇੜੇ

ਦਰਦਮੰਦਾਂ ਦੀਆਂ ਘੋਰੀ ਹੂ।

ਬਾਹੂ ਚਲ ਉਥਾਹੀਂ ਵਸੀਏ

            ਜਿਥੇ ਦਾਅਵਾ ਨਾ ਕਿਸੇ ਹੋਰੀ ਹੂ।

     ਸੁਲਤਾਨ ਬਾਹੂ ਨੇ ਸਾਰਿਆਂ ਦਰਵੇਸ਼ਾਂ ਵਾਂਗ ਇਨਸਾਨ ਨੂੰ ਫਰੇਬ, ਮੱਕਾਰੀ, ਹੰਕਾਰ, ਹਸਦ, ਨਿੰਦਿਆ ਆਦਿ ਬੁਰਿਆਈਆਂ ਤੋਂ ਦੂਰ ਰਹਿਣ ਲਈ ਆਖਿਆ ਹੈ।

     ਸੁਲਤਾਨ ਬਾਹੂ ਨੇ ਫ਼ਾਰਸੀ ਅਤੇ ਅਰਬੀ ਵਿੱਚ ਤਕਰੀਬਨ 140 ਪੁਸਤਕਾਂ ਲਿਖੀਆਂ। ਉਸ ਦੀ ਪੁਸਤਕ ਦੀਵਾਨੇ ਬਾਹੂ  ਦਾ ਪੰਜਾਬੀ ਵਿੱਚ ਅਨੁਵਾਦ ਮੌਲਵੀ ਮੁਹੰਮਦ ਅਲਾਦੀਨ ਕਾਦਰੀ ਨੇ ਕੀਤਾ। ਇਹ ਪੁਸਤਕ ਪੰਜਾਬੀ ਵਿੱਚ ਬਹੁਤ ਆਹਲਾ ਤਰਜਮੇ ਦਾ ਪ੍ਰਮਾਣ ਹੈ। ਇਸ ਵਿੱਚ 50 ਗ਼ਜ਼ਲਾਂ ਹਨ। ਸੁਲਤਾਨ ਬਾਹੂ ਦੀ ਮੌਤ 1691 ਵਿੱਚ ਹੋਈ। ਉਸ ਨੂੰ ਕਹਰਜਨਾ ਪਿੰਡ ਵਿੱਚ ਦਫ਼ਨ ਕੀਤਾ ਗਿਆ। ਇਹ ਜਗ੍ਹਾ ਝੰਗ ਤੋਂ ਤੀਹ ਕੋਹ ਦੀ ਦੂਰੀ ਉੱਤੇ ਹੈ। 1775 ਵਿੱਚ ਕਹਿਰ ਦਾ ਹੜ੍ਹ ਆਇਆ ਤੇ ਝਨਾਂ ਨੇ ਆਪਣਾ ਰਾਹ ਬਦਲ ਲਿਆ। ਜਿਸ ਨਾਲ ਬਹੁਤ ਸਾਰੀਆਂ ਕਬਰਾਂ ਰੁੜ੍ਹ ਗਈਆਂ। ਸੁਲਤਾਨ ਬਾਹੂ ਦਾ ਮਜ਼ਾਰ ਵੀ ਇਸ ਦੀ ਮਾਰ ਹੇਠ ਆ ਗਿਆ। ਪਰ ਇੱਕ ਰਵਾਇਤ ਅਨੁਸਾਰ ਉਸ ਦੇ ਕਫ਼ਨ ਵਾਲੇ ਤਾਬੂਤ ਨੂੰ ਬਚਾ ਕੇ ਇੱਕ ਵੱਡੇ ਦਰੱਖ਼ਤ ਹੇਠ ਦਬਾ ਦਿੱਤਾ ਅਤੇ ਉਸ ਉੱਤੇ ਇੱਕ ਵੱਡਾ ਥੜ੍ਹਾ ਬਣਾ ਦਿੱਤਾ। ਜਿਵੇਂ ਫ਼ਰੀਦ, ਸ਼ਾਹ ਹੁਸੈਨ ਤੇ ਬੁੱਲ੍ਹੇਸ਼ਾਹ ਨੂੰ ਪੂਜਿਆ ਜਾਂਦਾ ਹੇ ਇਵੇਂ ਹੀ ਸੁਲਤਾਨ ਬਾਹੂ ਦੀ ਪੂਜਾ ਹੁੰਦੀ ਹੈ। ਉਸ ਦੇ ਮਜ਼ਾਰ ਉੱਤੇ ਲੋਕ ਮੱਥਾ ਟੇਕਦੇ, ਸੁੱਖਣਾ ਸੁਖਦੇ ਤੇ ਮੰਨਤਾਂ ਮੰਨਦੇ ਹਨ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁਲਤਾਨ ਬਾਹੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਲਤਾਨ ਬਾਹੂ (1631––1691 ਈ.)––ਇਸਦਾ ਜਨਮ ਪਿੰਡ ਸੋਰਕੋਟ ਜ਼ਿਲ੍ਹਾ ਝੰਗ (ਪਾਕਿਸਤਾਨ) ਵਿਚ ਬਾਜ਼ੀਦ ਮੁਹੰਮਦ ਦੇ ਘਰ ਹੋਇਆ। ਇਸ ਦੀ ਜਨਮ ਤਿਥੀ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਮੌਲਾ ਬਖਸ਼ ਕੁਸ਼ਤਾ ਅਨੁਸਾਰ, ਇਸਦਾ ਜਨਮ 1629 ਈ. ਵਿਚ ਹੋਇਆ ਪਰ ਇਸ ਬਾਰੇ ਵਿਦਵਾਨਾਂ ਵਿਚ ਕਾਫ਼ੀ ਮਤਭੇਦ ਹੈ। ਨਵੀਂ ਖੋਜ ਅਨੁਸਾ ਇਸ ਦਾ ਜਨਮ 1631 ਈ. ਵਿਚ ਹੋਇਆ ਦੱਸਿਆ ਜਾਂਦਾ ਹੈ। ਇਸ ਦੇ ਵੱਡੇ ਵਡੇਰੇ ਅਰਬ ਤੋਂ ਹਿੰਦੁਸਤਾਨ ਆਏ ਸਨ ਜੋ ਪੀਰ ਸਯੱਦ ਅਬਦੁਲ ਕਾਦਰ ਜੀਲਾਨੀ ਦੇ ਖ਼ਾਨਦਾਨ ਵਿਚੋਂ ਦੱਸੇ ਜਾਂਦੇ ਹਨ। ਇਸ ਦੇ ਜੀਵਨ ਨਾਲ ਕਈ ਕਰਾਮਾਤਾਂ ਜੁੜ ਗਈਆਂ। ਇਕ ਰਵਾਇਤ ਅਨੁਸਾਰ ਇਹ ਜਨਮ ਤੋਂ ਹੀ ਰੱਬ ਦਾ ਬੰਦਾ ਸੀ। ਜਦੋਂ ਹਾਲੇ ਇਹ ਦੁੱਧ ਚੁੰਘਦਾ ਬੱਚਾ ਸੀ ਤਾਂ ਰਮਜ਼ਾਨ ਦੇ ਮਹੀਨੇ ਇਸ ਨੇ ਸਾਰਾ ਸਾਰਾ ਮਹੀਨੇ ਦੁੱਧ ਨਾ ਚੁੰਘਿਆ।

          ਇਸ ਦੇ ਘਰ ਵਾਲੇ ਰੱਜੇ ਪੁੱਜ ਜ਼ਿਮੀਦਾਰ ਸਨ। ਬਾਹੂ ਦੁਨਿਆਵੀ ਕੰਮਾਂ ਵਿਚ ਬਹੁਤ ਘੱਟ ਦਿਲਚਸਪੀ ਲੈਂਦਾ ਸੀ। ਜਦੋਂ ਇਸ ਦੇ ਮਾਂ ਬਾਪ ਨੇ ਇਸ ਨੂੰ ਜ਼ਿਮੀਦਾਰਾ ਕੰਮ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਘਰ ਛੱਡ ਕੇ ਮੁਲਤਾਨ ਚਲਾ ਗਿਆ। ਇਥੇ ਇਸ ਨੇ ਹਜ਼ਰਤ ਬਹਾਉਲ ਹੱਕ ਮੁਲਤਾਨੀ ਦੇ ਮਜ਼ਾਰ ਤੇ ਚਿੱਲਾ ਕਮਾਇਆ। ਇਥੋਂ ਇਹ ਜ਼ਿਲਾ ਅੰਮ੍ਰਿਤਸਰ ਵਿਚ ਸ਼ਾਹ ਹਬੀਬ ਕੋਲ ਚਲਾ ਗਿਆ। ਉਨ੍ਹਾਂ ਨੇ ਇਸ ਨੂੰ ਦਰਵੇਸ਼ੀ ਧਾਰਨ ਦਾ ਹੁਕਮ ਕੀਤਾ। ਤਦ ਇਹ ਸਭ ਕੁਝ ਛੱਡ-ਛਡਾਕੇ ਅਬਦੁੱਲ ਰਹਿਮਾਨ ਦਿੱਲੀ ਵਾਲਿਆਂ ਦਾ ਮੁਰੀਦ ਹੋ ਗਿਆ।

          ਇਹ ਮੰਨਿਆ ਪ੍ਰਮੰਨਿਆ ਸੂਫ਼ੀ ਕਵੀ ਸੀ। ਇਸ ਨੂੰ ਅਰਬੀ ਤੇ ਫ਼ਾਰਸੀ ਦਾ ਚੰਗਾ ਗਿਆਨ ਸੀ। ਇਸ ਨੇ ਫ਼ਾਰਸੀ ਕਵਿਤਾ ਤੇ ਵਾਰਤਕ ਦੇ ਖੇਤਰ ਵਿਚ ਢੇਰ ਸਾਰੀ ਰਚਨਾ ਕੀਤੀ ਹੈ। ਤਸੱਵੁੱਫ ਇਸ ਦਾ ਵਿਸ਼ੇਸ਼ ਵਿਸ਼ਾ ਹੈ। ਇਸ ਦੀਆਂ ਫ਼ਾਰਸੀ ਦੀਆਂ ਪੁਸਤਕਾਂ ਸ਼ਮਸੁੱਲਆਰਿਫ਼ੀਨ, ਮਫ਼ਤਾਹੁੱਲ-ਆਰਿਫ਼ੀਨ, ਅਮੀਰੁਲ-ਕੋਨੈਨ, ਦੀਵਾਨਿ-ਬਾਹੂ, ਅਕਲਿ ਬੇਦਾਰ ਆਦਿ ਪ੍ਰਸਿੱਧ ਹਨ। ਪੰਜਾਬੀ ਵਿਚ ਇਸਦੀਆਂ ਸੀਹਰਫ਼ੀਆਂ ਤੇ ਕਾਫ਼ੀਆਂ ਕਾਫ਼ੀ ਪ੍ਰਚਲਤ ਹਨ। “ਹ” ਸ਼ਬਦ ਇਸ ਦੀ ਰਚਨਾ ਵਿਚ ਸਰੋਦੀ ਹੂਕ ਭਰ ਦਿੰਦਾ ਹੈ ਅਤੇ ਇਹ ਹੂਕ ਹੀ ਇਸ ਨੂੰ ਹੋਰਨਾ ਕਵੀਆਂ ਨਾਲੋਂ ਨਿਖੇੜਦੀ ਹੈ। ਸੁਲਤਾਨ ਬਾਹੂ ਦੇ ਪੰਜਾਬੀ ਕਲਾਮ ਵਿਚ ਸ਼ਾਹ ਹੁਸੈਨ ਦੇ ਮੁਕਾਬਲੇ ਤੇ ਬਿਰਹਾ-ਤੀਬਰਤਾ, ਹੂਮਕ ਤੇ ਨਿਮਰਤਾ ਤੇ ਸੰਸਾਰ-ਨਾਸਮਾਨਤਾ ਦੇ ਭਾਵ ਤੇ ਜ਼ੋਰ ਘੱਟ ਹੈ ਪਰ ਮਨੁੱਖ ਏਕਤਾ, ਰੱਬ ਤੇ ਮਨੁੱਖ ਦੀ ਅਭੇਦਤਾ, ਖ਼ੁਦੀ ਨੂੰ ਮਾਰਨ, ਆਪਣੇ ਅਦਰ ਝਾਤੀ ਮਾਰਨ ਤੇ ਖ਼ੁਦ ਨੂੰ ਪਛਾਣਨ ਦੀ ਪ੍ਰੇਰਨਾ ਬੜੀ ਜ਼ੋਰਦਾਰ ਹੈ। ਪ੍ਰੋ. ਕਸੇਲ ਅਨੁਸਾਰ “ਕਿਤੇ ਕਿਤੇ ਤਾਂ ਵਲਵਲਾ ਤੇ ਰਾਗ ਸ਼ਾਹ ਹੁਸੇਨ ਵਾਂਗ ਮੱਚ ਮੱਚ ਪੈਂਦੇ ਹਨ।”

          ਬਾਹੂ ਦੀ ਸ਼ਬਦਾਵਲੀ ਉੱਤੇ ਆਪਣੀ ਮਾਦਰੀ ਝਾਂਗੀ ਉਪ ਬੋਲੀ ਦਾ ਤਕੜਾ ਪ੍ਰਭਾਵ ਹੈ ਤੇ ਲਹਿੰਦੀ ਅਰਥਾਤ ਮੁਲਤਾਨੀ ਤੇ ਫ਼ਾਰਸੀ ਦੇ ਸ਼ਬਦ ਵੀ ਕਾਫ਼ੀ ਮਿਲਦੇ ਹਨ। ਇਸ ਤਰ੍ਹਾਂ ਬਾਹੂ ਵਿਚ ਵਾਲਹਾਨਾ ਮਸਤੀ ਘੱਟ ਤੇ ਸੂਝ ਤੇ ਫ਼ਲਸਫ਼ੇ ਦੀ ਬਹੁਲਤਾ ਹੈ।

          ਬਾਹੂ ਦੇਹਾਂਤ ਵੇਲੇ ਚਾਰ ਵਿਧਵਾਵਾਂ ਅਤੇ ਅੱਠ ਪੁੱਤਰ ਪਿਛੇ ਛੱਡ ਗਿਆ। ਇਸ ਦੀ ਯਾਦਗਾਰ ਇਸ ਦਾ ਗਿਆਨ ਤੇ ਮਾਅਰਫ਼ਤ-ਭਰਪੂਰ ਕਲਾਮ ਹੈ, ਜਿਸ ਦੀ ਕਦਰ ਕੀਮਤ ਹਾਲੇ ਤਕ ਕਾਇਮ ਹੈ। ਫ਼ਾਰਸੀ ਵਿਚ ਅਧਿਆਤਮਕ ਗਿਆਨ ਦੀਆਂ ਇਸਦੀਆਂ 140 ਪੁਸਤਕਾਂ ਹਨ।

          ਹ. ਪੁ.––ਪੰ. ਸਾ. ਇ.––ਕੋਹਲੀ; ਪੰ. ਸ਼ਾ. ਤਜ਼; ਪੰ. ਸਾ. ਦੀ ਉਤਪਤੀ ਤੇ ਵਿਕਾਸ––ਕੇ. ਐਸ ਕਸੇਲ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਲਤਾਨ ਬਾਹੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁਲਤਾਨ ਬਾਹੂ  :  ਪੰਜਾਬੀ ਦੇ ਇਸ ਪ੍ਰਸਿੱਧ ਕਵੀ ਦਾ ਜਨਮ 1631 ਈ. (ਕੁਸ਼ਤਾ ਅਨੁਸਾਰ 1629) ਵਿਚ ਜ਼ਿਲ੍ਹਾ ਝੰਗ (ਪਾਕਿਸਤਾਨ) ਦੇ ਇਕ ਪਿੰਡ ਅਵਾਣ (ਪ੍ਰੋ. ਸੁਰਿੰਦਰ ਸਿੰਘ ਕੋਹਲੀ ਅਨੁਸਾਰ ਸ਼ੋਰਕੋਟ) ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਸੁਲਤਾਨ ਬਾਯਜ਼ੀਦ ਸੀ। ਮੁਗ਼ਲ ਸਮਰਾਟ ਸ਼ਾਹ ਜਹਾਨ ਨੇ ਸਤਿਕਾਰ ਵੱਜੋਂ ਇਸ ਨੂੰ ਦਹਰ ਜਾਨਾਂ ਦਾ ਇਕ ਪੂਰਾ ਪਿੰਡ ਜਾਗੀਰ ਵੱਜੋਂ ਦੇ ਦਿੱਤਾ ਸੀ।

        ਸੁਲਤਾਨ ਬਾਹੂ ਨੇ ਮੁੱਢਲੀ ਵਿਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਫਿਰ ਇਸ ਨੇ ਸ਼ਾਹ ਹਬੀਬੁੱਲਾ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ। ਸ਼ਾਹ ਸਾਹਿਬ ਨੇ ਇਸ ਨੂੰ ਸੰਸਾਰਕ ਕੰਮ ਕਾਰ ਤਿਆਗ ਦੇਣ ਦਾ ਹੁਕਮ ਦਿੱਤਾ ਅਤੇ ਇਹ ਹੁਕਮ ਅਨੁਸਾਰ ਦਿੱਲੀ ਜਾ ਕੇ ਸੱਯਦ ਅਬਦੁਲ ਰਹਿਮਾਨ ਦਾ ਮੁਰੀਦ ਬਣ ਗਿਆ।

        ਸੁਲਤਾਨ ਬਾਹੂ ਠਾਠ-ਬਾਠ ਵਾਲਾ ਫ਼ਕੀਰ ਸੀ ਅਤੇ ਆਪਣੇ ਉੱਤੇ ਸੁਨਹਿਰੀ ਛਤਰ ਤਾਣ ਕੇ ਚਲਦਾ ਸੀ। ਇਸ ਦੇ ਪਿੱਛੇ ਪਿੱਛੇ ਇਸ ਦੇ ਗ਼ੁਲਾਮ ਤੁਰਦੇ ਸਨ। ਬਾਦਸ਼ਾਹ ਔਰੰਗਜ਼ੇਬ ਬਾਹੂ ਦੀ ਬਹੁਤ ਇੱਜ਼ਤ ਕਰਦਾ ਸੀ। ਇਹ ਕਾਦਰੀ ਧੜੇ ਦਾ ਸੂਫ਼ੀ ਫ਼ਕੀਰ ਹੋਣ ਕਰ ਕੇ ਨਚਦਾ-ਗਾਉਂਦਾ ਸੀ ਅਤੇ ਕਰਮ ਸਿਧਾਂਤ  ਤੇ ਆਵਾਗੌਣ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ। ਸੁਲਤਾਨ ਬਾਹੂ ਵਿਚ ਹੋਰ ਸੂਫ਼ੀ ਕਵੀਆਂ ਵਾਲਾ ਮਸਤਾਨਾ ਇਸ਼ਕ ਨਹੀਂ ਸੀ ਪਰ ਇਹ ਸੂਫ਼ੀਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੰਨਣ ਤੇ ਪ੍ਰਚਾਰਨ ਵਾਲਾ ਸ਼ਾਇਰ ਸੀ।

        ਬਾਹੂ ਨੂੰ ਫ਼ਾਰਸੀ ਤੇ ਅਰਬੀ ਦਾ ਬਹੁਤ ਗਿਆਨ ਸੀ ਅਤੇ ਇਨ੍ਹਾਂ ਭਾਸ਼ਾਵਾਂ ਵਿਚ ਇਸ ਨੇ 140 ਪੁਸਤਕਾਂ ਲਿਖੀਆਂ । ਪੰਜਾਬੀ ਵਿਚ ਨੇ ਸਿਰਫ਼ ਦੋਹੜੇ ਹੀ ਲਿਖੇ। ਮੀਆਂ ਫ਼ਜ਼ਰ ਦੀਨ ਲਾਹੌਰੀ ਨੇ 1925ਈ. ਵਿਚ ਸਭ ਤੋਂ ਪਹਿਲਾਂ ਬਾਹੂ ਦੀ ਸਾਰੀ ਪੰਜਾਬੀ ਰਚਨਾ ਇਕ ਥਾਂ ਇਕੱਠੀ ਕਰ ਕੇ ਛਪਵਾਈ। ਬਾਹੂ ਦਾ ਦੋਹੜਾ ਤਾਟੰਕ ਛੰਦ ਵਿਚ ਹੈ।

        ਬਾਹੂ ਸ਼ਰੀਅਤ ਦਾ ਪੱਕਾ ਸੀ ਪਰ ਦਿਖਾਵੇ ਦੀ ਇਬਾਦਤ ਦਾ ਇਕ ਬਹੁਤ ਮਜ਼ਾਕ ਉਡਾਉਂਦਾ ਸੀ। ਇਸ ਦੇ ਵਿਚਾਰ ਵਿਚ ਰੱਬ ਨੂੰ ਉਹ ਮਿਲ ਸਕਦੇ ਹਨ ਜਿਨ੍ਹਾਂ ਦੀ ਨੀਅਤ ਰਾਸ (ਸਾਫ਼) ਹੁੰਦੀ ਹੈ। ਸੁਲਤਾਨ ਬਾਹੂ ਦੀ ਬੌਧਿਕਤਾ ਭਰਪੂਰ ਕਵਿਤਾ ਵਿਚ ਬਿਰਹਾ-ਭਿੱਜੀ ਹੂਕ ਮਿਲਦੀ ਹੈ ਅਤੇ ਇਸ ਦੇ ਦੋਹੜੇ ਦੀ ਹਰ ਤੁਕ ਪਿੱਛੇ ਲੱਗਿਆ ਸ਼ਬਦ 'ਹੂ' ਸੁਣਨ ਵਾਲਿਆਂ ਦਾ ਕਾਲਜਾ ਧੂਹ ਕੇ ਲੈ ਜਾਂਦਾ ਹੈ।

        ਸੰਨ 1691 (ਕੁਸ਼ਤਾ ਅਨੁਸਾਰ 1690) ਵਿਚ ਜਦੋਂ ਸੁਲਤਾਨ ਬਾਹੂ ਦੀ ਮੌਤ ਹੋ ਗਈ ਤਾਂ ਇਸ ਨੂੰ ਪਿੰਡ ਦਹਰ ਜਾਨਾਂ ਵਿਚ ਹੀ ਦਫ਼ਨਾਇਆ ਗਿਆ।


ਲੇਖਕ : ਰਾਮ ਸਰੂਪ ਅਣਖੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-03-39, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਸ਼ਾ. ਤਜ਼ : 80; ਪੰ. ਸਾ. ਇ. –ਕੋਹਲੀ: 197-201

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.